ਬੱਚੇ ਕੋਮਲ ਕਲੀ ਵਾਂਗ ਹੁੰਦੇ ਹਨ। ਗਰਮੀਆਂ ਦੇ ਦਿਨਾਂ 'ਚ ਸਭ ਤੋਂ ਜ਼ਿਆਦਾ ਖਿਆਲ ਛੋਟੇ ਬੱਚਿਆਂ ਦਾ ਰੱਖਣਾ ਪੈਂਦਾ ਹੈ। ਅਸੀਂ ਛੋਟੀਆਂ-ਛੋਟੀਆਂ ਸਾਵਧਾਨੀਆਂ ਨਾਲ ਛੋਟੇ ਬੱਚਿਆਂ ਦਾ ਖਿਆਲ ਰੱਖ ਸਕਦੇ ਹਾਂ।
1) ਬੱਚਿਆਂ ਨੂੰ ਜ਼ਿਆਦਾ ਗਰਮੀਂ 'ਚ ਧੁੱਪ 'ਚ ਬਾਹਰ ਲੈ ਕੇ ਜਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜੇਕਰ ਨੌਕਰੀ ਪੇਸ਼ਾ ਵਾਲੀਆਂ ਔਰਤਾਂ ਦੀ ਮਜਬੂਰੀ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਸੂਤੀ ਕੱਪੜੇ ਦੀ ਚੁੰਨੀ ਨਾਲ ਢੱਕ ਕੇ ਲੈ ਕੇ ਜਾਣ ਤਾਂ ਜੋ ਸੂਰਜ ਦੀਆਂ ਕਿਰਨਾਂ ਸਿੱਧੀਆਂ ਬੱਚੇ 'ਤੇ ਨਾਂ ਪੈਣ।
2) ਬੱਚਿਆਂ ਦੇ ਕੱਪੜਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਸੂਤੀ ਦੇ ਅਤੇ ਖੁੱਲ੍ਹੇ ਕੱਪੜੇ ਹੀ ਪਾਏ ਜਾਣ। ਜ਼ਿਆਦਾ ਤੰਗ ਕੱਪੜਿਆਂ 'ਚ ਬੱਚਾ ਸਹਿਜ ਮਹਿਸੂਸ ਨਹੀਂ ਕਰਦਾ। ਬੱਚਿਆਂ ਨੂੰ ਜ਼ਿਆਦਾ ਗੂੜੇ ਰੰਗ ਦੇ ਕੱਪੜੇ ਨਾ ਪਾਏ ਜਾਣ।
3) ਬੱਚਿਆਂ ਨੂੰ ਕੂਲਰ ਦੀ ਹਵਾ ਦੇ ਬਹੁਤ ਨੇੜੇ ਨਾ ਪਾਇਆ ਜਾਵੇ।ਇਸ ਨਾਲ ਬੱਚਾ ਬੀਮਾਰ ਹੋ ਸਕਦਾ ਹੈ। ਕੂਲਰ 'ਚ ਹਰ ਦਿਨ ਤਾਜ਼ਾ ਪਾਣੀ ਭਰਿਆ ਜਾਵੇ ਅਤੇ ਪੂਰੀ ਸਾਫ ਸਫਾਈ ਰੱਖੀ ਜਾਵੇ।
4) ਜਿਹੜੇ ਘਰਾਂ 'ਚ ਏ. ਸੀ. ਦੀ ਵਰਤੋਂ ਹੁੰਦੀ ਹੈ ਉਥੇ ਨਾ ਤਾਂ ਬੱਚੇ ਨੂੰ ਇਕਦਮ ਏ. ਸੀ. ਵਾਲੇ ਕਮਰੇ 'ਚ ਲਿਜਾਇਆ ਜਾਵੇ ਅਤੇ ਨਾ ਹੀ ਇਕਦਮ ਬਾਹਰ ਲਿਆਂਦਾ ਜਾਵੇ। ਇਸ ਨਾਲ ਬੱਚਾ ਗਰਮ-ਸਰਦ ਹੋਣ ਕਰਕੇ ਬੀਮਾਰ ਹੋ ਸਕਦਾ ਹੈ।
5) ਬੱਚਿਆਂ ਨੂੰ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਬੱਚੇ ਨੂੰ ਆਪਣਾ ਦੁੱਧ ਦੇਣ ਵਾਲੀਆਂ ਮਾਂਵਾਂ ਨੂੰ ਆਪਣੇ ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੋਤਲ ਨਾਲ ਦੁੱਧ ਪੀਣ ਵਾਲੇ ਬੱਚਿਆਂ ਨੂੰ ਗਾਂ ਦਾ ਦੁੱਧ ਦਿੱਤਾ ਜਾਵੇ। ਗਾਂ ਦਾ ਦੁੱਧ ਹਲਕਾ ਹੋਣ ਦੇ ਨਾਲ-ਨਾਲ ਗੁਣਕਾਰੀ ਵੀ ਹੁੰਦਾ ਹੈ।
6) ਬੱਚਿਆਂ ਦੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਠੰਡੀ ਤਾਸੀਰ ਵਾਲੇ ਫਲ ਹੀ ਦੇਣੇ ਚਾਹੀਦੇ ਹਨ।
7) ਬੱਚਿਆਂ ਨੂੰ ਡਾਈਪਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਡਾਈਪਰ ਲਗਾਉਣ ਤੋਂ ਪਹਿਲਾਂ ਬੱਚੇ ਨੂੰ ਡਾਈਪਰ ਰੈਸ਼ਜ ਕਰੀਮ ਦੀ ਵਰਤੋਂ ਵੀ ਕੀਤਾ ਜਾ ਸਕਦਾ ਹੈ।
8) ਬੱਚਿਆਂ ਦੇ ਖਿਡੌਣਿਆਂ ਨੂੰ ਵੀ ਸਾਫ ਸੁਥਰਾ ਰੱਖਿਆ ਜਾਵੇ। ਕਿਉਂਕਿ ਬੱਚੇ ਜ਼ਿਆਦਾਤਾਰ ਹਰ ਇੱਕ ਵਸਤੂ ਮੂੰਹ 'ਚ ਪਾਉਂਦੇ ਹਨ।ਗੰਦੇ ਖਿਡੌਣਿਆਂ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ।
9) ਰਿੜਨ ਵਾਲੇ ਬੱਚਿਆਂ ਨੂੰ ਗੰਦੇ ਫਰਸ਼ 'ਤੇ ਨਾ ਰਿੜਨ ਦਿੱਤਾ ਜਾਵੇ ਅਤੇ ਬੱਚੇ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ। ਬੱਚਾ ਕੂਲਰ ਜਾਂ ਪੱਖੇ ਵਿੱਚ ਆਪਣਾ ਹੱਥ ਦੇ ਸਕਦਾ ਹੈ।
ਚਰਨਜੀਤ ਸਿੰਘ ਕਪੂਰ
ਜੀਰਾ, ਫਿਰੋਜ਼ਪੁਰ
ਜ਼ਹਿਰ ਛੱਡ 'ਕੇ ਅੰਮ੍ਰਿਤ ਪੀਓ, ਸੋਡਾ ਛੱਡ 'ਕੇ ਨਿੰਬੂ ਪਾਣੀ ਪੀਓ
NEXT STORY